Guru Nanak Gurpurab 2025: ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 2025 ਇਸ ਸਾਲ 5 ਨਵੰਬਰ 2025 ਨੂੰ ਮਨਾਇਆ ਜਾਵੇਗਾ। ਇਹ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਤੇ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਨੂੰ ਗੁਰਪੁਰਬ ਦੇ ਰੂਪ ਵਿੱਚ ਵਿਸ਼ਵ ਭਰ ਦੇ ਸਿੱਖਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।
ਇਸ ਮੌਕੇ ‘ਤੇ ਸਕੂਲਾਂ, ਕਮਿਊਨਿਟੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਵਿਦਿਆਰਥੀਆਂ ਅਤੇ ਬੱਚਿਆਂ ਲਈ ਵੱਖ-ਵੱਖ ਕਾਰਜਕ੍ਰਮ ਆਯੋਜਿਤ ਕੀਤੇ ਜਾਂਦੇ ਹਨ। ਜਿਵੇਂ ਕਿ ਕਵਿਤਾ ਪਾਠ ਮੁਕਾਬਲੇ, ਭਾਸ਼ਣ ਪ੍ਰਤੀਯੋਗਿਤਾਵਾਂ, ਲੇਖ ਲਿਖਣ ਤੇ ਡ੍ਰਾਇੰਗ ਮੁਕਾਬਲੇ, ਤਾਂ ਜੋ ਬੱਚੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਬਾਰੇ ਜਾਣ ਸਕਣ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਣ।
ਇਸ ਲੇਖ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ‘ਤੇ ਆਸਾਨ, ਪ੍ਰੇਰਣਾਦਾਇਕ ਅਤੇ ਸਧਾਰਨ ਪੰਜਾਬੀ ਲੇਖ ਪ੍ਰਦਾਨ ਕੀਤੇ ਹਨ, ਜਿਨ੍ਹਾਂ ਵਿੱਚ 10 ਲਾਈਨਾਂ, ਛੋਟਾ ਅਤੇ ਲੰਬਾ ਲੇਖ ਸ਼ਾਮਲ ਹਨ — ਜੋ ਵਿਦਿਆਰਥੀਆਂ, ਬੱਚਿਆਂ ਅਤੇ ਸਕੂਲ ਮੁਕਾਬਲਿਆਂ ਲਈ ਉਚਿਤ ਹਨ।
Guru Nanak Dev Ji Essay for Kids (Class 1 and 2) - ਗੁਰੂ ਨਾਨਕ ਦੇਵ ਜੀ ਤੇ 10 ਲਾਈਨਾਂ
- ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ।
 - ਉਹਨਾਂ ਦਾ ਜਨਮ 15 ਅਪ੍ਰੈਲ 1469 ਨੂੰ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਹੋਇਆ ਸੀ।
 - ਉਹਨਾਂ ਦੇ ਪਿਤਾ ਦਾ ਨਾਮ ਮੇਹਤਾ ਕਾਲੂ ਅਤੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਸੀ।
 - ਗੁਰੂ ਨਾਨਕ ਜੀ ਨੇ ਮਨੁੱਖਤਾ, ਸੱਚਾਈ ਅਤੇ ਇਕ ਪਰਮਾਤਮਾ ਦੀ ਭਗਤੀ ਦਾ ਸੰਦੇਸ਼ ਦਿੱਤਾ।
 - ਉਹਨਾਂ ਨੇ ਸਭ ਨੂੰ ਇਕਤਾ, ਸੇਵਾ ਅਤੇ ਸਿਮਰਨ ਦੀ ਸਿੱਖਿਆ ਦਿੱਤੀ।
 - ਗੁਰੂ ਨਾਨਕ ਦੇਵ ਜੀ ਨੇ ਕਈ ਦੇਸ਼ਾਂ ਦੀ ਯਾਤਰਾ ਕਰਕੇ ਲੋਕਾਂ ਨੂੰ ਸੱਚ ਦਾ ਪਾਠ ਪੜ੍ਹਾਇਆ।
 - ਉਹਨਾਂ ਦਾ ਮੁੱਖ ਸੰਦੇਸ਼ ਸੀ – ਨਾ ਕੋਈ ਹਿੰਦੂ ਨਾ ਮੁਸਲਮਾਨ, ਸਭ ਇੱਕ ਹੀ ਪ੍ਰਭੂ ਦੇ ਬੱਚੇ ਹਨ।
 - ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਆਧਾਰਿਤ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਅਧਾਰ ਹੈ।
 - ਹਰ ਸਾਲ ਗੁਰਪੁਰਬ ਦੇ ਮੌਕੇ ਤੇ ਨਗਰ ਕੀਰਤਨ ਅਤੇ ਲੰਗਰ ਦਾ ਆਯੋਜਨ ਹੁੰਦਾ ਹੈ।
 - ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚੇ ਜੀਵਨ ਜੀਊਣ ਲਈ ਪ੍ਰੇਰਿਤ ਕਰਦੀਆਂ ਹਨ।
 
Short Essay on Guru Nanak Dev Ji in Punjabi for Classes 3, 4 and 5 (100-150 Words)
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਅਤੇ ਉਹਨਾਂ ਨੂੰ ਸਾਰੀ ਦੁਨੀਆ ਵਿੱਚ ਸੱਚ, ਪਿਆਰ ਅਤੇ ਮਨੁੱਖਤਾ ਦੇ ਪ੍ਰਤੀਕ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 1469 ਵਿੱਚ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿੱਚ ਹੋਇਆ ਸੀ। ਗੁਰੂ ਜੀ ਦੇ ਪਿਤਾ ਦਾ ਨਾਮ ਮੇਹਤਾ ਕਾਲੂ ਅਤੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਸੀ। ਬਚਪਨ ਤੋਂ ਹੀ ਉਹ ਸੱਚੇ, ਦਇਆਲੂ ਅਤੇ ਪ੍ਰਭੂ ਭਗਤ ਸਨ।
ਗੁਰੂ ਜੀ ਨੇ ਸਿਖਾਇਆ ਕਿ ਪਰਮਾਤਮਾ ਇੱਕ ਹੈ ਅਤੇ ਹਰ ਮਨੁੱਖ ਵਿੱਚ ਵਸਦਾ ਹੈ। ਉਹਨਾਂ ਨੇ ਕਿਹਾ – “ਏਕ ਪਿਤਾ ਏਕਸ ਕੇ ਹਮ ਬਾਰਿਕ”, ਜਿਸਦਾ ਅਰਥ ਹੈ ਕਿ ਸਾਡੇ ਸਭ ਦੇ ਪਿਤਾ ਇੱਕ ਹਨ ਅਤੇ ਅਸੀਂ ਉਸਦੇ ਬੱਚੇ ਹਾਂ। ਉਹਨਾਂ ਨੇ ਸਭ ਧਰਮਾਂ ਦੇ ਲੋਕਾਂ ਨੂੰ ਇਕਤਾ, ਦਇਆ ਅਤੇ ਸੇਵਾ ਦਾ ਪਾਠ ਪੜ੍ਹਾਇਆ।
ਗੁਰੂ ਨਾਨਕ ਜੀ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਭਲਾਈ, ਸਿੱਖਿਆ ਅਤੇ ਸੱਚਾਈ ਦੇ ਪ੍ਰਚਾਰ ਲਈ ਸਮਰਪਿਤ ਕੀਤੀ। ਗੁਰੂਪੁਰਬ ਦੇ ਦਿਨ ਸਿੱਖ ਸੰਗਤਾਂ ਵੱਲੋਂ ਕੀਰਤਨ, ਪਾਠ ਅਤੇ ਲੰਗਰ ਲਗਾਏ ਜਾਂਦੇ ਹਨ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਜੀਵਨ ਨੂੰ ਰੋਸ਼ਨ ਕਰਦੀਆਂ ਹਨ।
Essay on Guru Nanak Dev Ji in Punjabi for Class 6, 7 and 8
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਮੇਹਤਾ ਕਾਲੂ ਇੱਕ ਪਟਵਾਰੀ ਸਨ ਅਤੇ ਮਾਤਾ ਤ੍ਰਿਪਤਾ ਧਾਰਮਿਕ ਅਤੇ ਸਤਿਕਾਰਯੋਗ ਮਹਿਲਾ ਸਨ। ਆਪ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸਨ, ਜਿਨ੍ਹਾਂ ਨਾਲ ਆਪ ਬਹੁਤ ਪਿਆਰ ਕਰਦੇ ਸਨ। ਗੁਰੂ ਜੀ ਬਚਪਨ ਤੋਂ ਹੀ ਆਧਿਆਤਮਿਕ ਸੁਭਾਉ ਵਾਲੇ ਸਨ ਅਤੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਸੱਚਾਈ ਅਤੇ ਭਗਤੀ ਦਾ ਰਾਹ ਚੁਣ ਲਿਆ ਸੀ।
ਜਦੋਂ ਆਪ ਨੂੰ ਪਾਂਧੇ ਪਾਸ ਪੜ੍ਹਨ ਭੇਜਿਆ ਗਿਆ, ਤਾਂ ਆਪ ਨੇ ਆਪਣੀ ਚਮਤਕਾਰੀ ਸੂਝ-ਬੂਝ ਨਾਲ ਪਾਂਧੇ ਨੂੰ ਹੈਰਾਨ ਕਰ ਦਿੱਤਾ। ਜਨੇਊ ਪਾਉਣ ਸਮੇਂ ਆਪ ਨੇ ਇਸ ਰਸਮ ਨੂੰ ਝੂਠੀ ਕਹਿੰਦੇ ਹੋਏ ਇਸਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਆਪ ਨੂੰ ਪਿਤਾ ਜੀ ਨੇ ਵਪਾਰ ਕਰਨ ਲਈ ਵੀਹ ਰੁਪਏ ਦਿੱਤੇ, ਤਾਂ ਆਪ ਨੇ ਉਹ ਰੁਪਏ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ “ਸੱਚਾ ਸੌਦਾ” ਕੀਤਾ।
ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇੱਕ ਹੈ, ਉਹ ਸਭ ਵਿੱਚ ਵੱਸਦਾ ਹੈ ਅਤੇ ਕਿਸੇ ਵੀ ਧਰਮ ਜਾਂ ਜਾਤੀ ਵਿੱਚ ਫਰਕ ਨਹੀਂ ਕਰਦਾ। ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਿਆ। ਗੁਰੂ ਜੀ ਨੇ ਚਾਰ ਉਧਾਸੀਆਂ ਕੀਤੀਆਂ ਅਤੇ ਕਈ ਦੇਸ਼ਾਂ ਵਿੱਚ ਜਾ ਕੇ ਇਕਤਾ, ਸੇਵਾ, ਸੱਚਾਈ ਅਤੇ ਨਿਮਰਤਾ ਦਾ ਸੰਦੇਸ਼ ਦਿੱਤਾ।
ਗੁਰੂ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਨੌਕਰੀ ਕੀਤੀ, ਪਰ ਉਥੇ ਵੀ ਲੋਕਾਂ ਦੀ ਸੇਵਾ ਤੇ ਭਲਾਈ ਹੀ ਕੀਤੀ। ਇਥੇ ਹੀ ਆਪ ਦਾ ਵਿਆਹ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਧੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਦੋ ਪੁੱਤਰ ਬਾਬਾ ਸ੍ਰੀਚੰਦ ਅਤੇ ਲੱਖਮੀ ਦਾਸ ਹੋਏ। ਇਕ ਦਿਨ ਵੇਈਂ ਦਰਿਆ ਵਿੱਚ ਇਸ਼ਨਾਨ ਕਰਨ ਦੌਰਾਨ ਆਪ ਤਿੰਨ ਦਿਨਾਂ ਲਈ ਅਲੋਪ ਹੋ ਗਏ। ਵਾਪਸ ਆ ਕੇ ਆਪ ਨੇ ਕਿਹਾ —
“ਨਾ ਕੋਈ ਹਿੰਦੂ ਨਾ ਮੁਸਲਮਾਨ।”
ਇਸ ਤਰ੍ਹਾਂ ਗੁਰੂ ਜੀ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਕਿ ਸਭ ਇਕੋ ਪ੍ਰਭੂ ਦੀ ਸੰਤਾਨ ਹਨ — “ਏਕ ਪਿਤਾ ਏਕਸ ਕੇ ਹਮ ਬਾਰਿਕ”।
ਆਪ ਨੇ ਚਾਰ ਉਦਾਸੀਆਂ ਕਰਕੇ ਧਰਤੀ ਦੇ ਕਈ ਕੋਣਿਆਂ ‘ਚ ਸੱਚਾਈ ਦਾ ਪ੍ਰਚਾਰ ਕੀਤਾ। ਆਪ ਦੀ ਸਿੱਖਿਆ ਤਿੰਨ ਮੁੱਖ ਸਿਧਾਂਤਾਂ ‘ਤੇ ਅਧਾਰਿਤ ਸੀ — ਨਾਮ ਜਪੋ, ਕਿਰਤ ਕਰੋ, ਤੇ ਵੰਡ ਕੇ ਛਕੋ।
ਗੁਰੂ ਨਾਨਕ ਦੇਵ ਜੀ ਨੇ ਸਾਦਗੀ, ਸੇਵਾ ਅਤੇ ਸੱਚਾਈ ਦਾ ਜੀਵਨ ਜੀਅ ਕੇ ਦੁਨੀਆ ਨੂੰ ਸਹੀ ਰਾਹ ਦਿਖਾਇਆ। 1539 ਈਸਵੀ ਵਿੱਚ ਆਪ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ, ਪਰ ਉਹਨਾਂ ਦਾ ਸੰਦੇਸ਼ “ਸਰਬੱਤ ਦਾ ਭਲਾ” ਅੱਜ ਵੀ ਸਾਨੂੰ ਮਿਲਜੁਲ ਕੇ ਰਹਿਣ, ਸੇਵਾ ਕਰਨ ਅਤੇ ਸੱਚੇ ਜੀਵਨ ਜੀਊਣ ਦੀ ਪ੍ਰੇਰਨਾ ਦਿੰਦਾ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ‘ਤੇ ਲੇਖ :Essay on Guru Nanak Dev Ji in Punjabi for Higher Classes (500-700 Words)
ਭੂਮਿਕਾ
ਪੰਦਰ੍ਹਵੀਂ ਸਦੀ ਵਿੱਚ ਭਾਰਤ ਅੰਧ-ਵਿਸ਼ਵਾਸ, ਕੁਰਿਵਾਜਾਂ ਅਤੇ ਅਗਿਆਨਤਾ ਨਾਲ ਘਿਰਿਆ ਹੋਇਆ ਸੀ। ਮਨੁੱਖਤਾ ਦਾ ਮੋਲ ਘਟ ਚੁੱਕਾ ਸੀ ਅਤੇ ਲੋਕ ਧਾਰਮਿਕ ਰਸਮਾਂ ਵਿੱਚ ਫਸੇ ਹੋਏ ਸਨ। ਅਜਿਹੇ ਸਮੇਂ ਪਰਮਾਤਮਾ ਨੇ ਸੰਸਾਰ ਦੀ ਅੰਧਕਾਰਤਾ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੂੰ ਧਰਤੀ ‘ਤੇ ਭੇਜਿਆ।
“ਸੁਣੀ ਪੁਕਾਰਿ ਦਾਤਾਰ ਪ੍ਰਭੁ, ਗੁਰੂ ਨਾਨਕ ਜਗ ਮਾਹਿ ਪਠਾਇਆ।”
ਜਨਮ ਤੇ ਪਰਿਵਾਰ
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ, ਪਾਕਿਸਤਾਨ) ਵਿੱਚ ਹੋਇਆ ਸੀ। ਆਪ ਦੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਮਾਤਾ ਤ੍ਰਿਪਤਾ ਜੀ ਸਨ। ਆਪ ਦੀ ਇਕ ਭੈਣ ਬੇਬੇ ਨਾਨਕੀ ਜੀ ਸੀ, ਜਿਨ੍ਹਾਂ ਨੇ ਗੁਰੂ ਜੀ ਦੀ ਸੇਵਾ ਤੇ ਪ੍ਰੇਮ ਨਾਲ ਜੀਵਨ ਬਿਤਾਇਆ। ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।
ਵਿਦਿਆ ਤੇ ਬਚਪਨ
ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਤੇਜ਼, ਸਿਆਣੇ ਅਤੇ ਆਧਿਆਤਮਿਕ ਸੁਭਾਵ ਵਾਲੇ ਸਨ। ਸੱਤ ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਪੜ੍ਹਨ ਲਈ ਪਾਂਧੇ ਕੋਲ ਭੇਜਿਆ ਗਿਆ। ਆਪ ਨੇ ਅਧਿਆਪਕ ਨੂੰ ਗਿਆਨ ਦੇ ਗਹਿਰੇ ਅਰਥ ਸਮਝਾ ਕੇ ਹੈਰਾਨ ਕਰ ਦਿੱਤਾ। ਆਪ ਨੇ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕੀਤਾ ਅਤੇ ਸੱਚਾਈ ਤੇ ਪ੍ਰੇਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ।
ਰੀਤਾਂ-ਰਸਮਾਂ ਦਾ ਤਿਆਗ
ਜਦੋਂ ਆਪ ਨੂੰ ਜਨੇਊ ਪਹਿਨਾਉਣ ਲਈ ਬੁਲਾਇਆ ਗਿਆ, ਤਾਂ ਗੁਰੂ ਜੀ ਨੇ ਇਸ ਝੂਠੀ ਰਸਮ ਦਾ ਇਨਕਾਰ ਕਰ ਦਿੱਤਾ। ਆਪ ਨੇ ਸਮਝਾਇਆ ਕਿ ਮਨੁੱਖਤਾ, ਸੱਚਾਈ ਅਤੇ ਦਇਆ ਹੀ ਸੱਚਾ ਧਾਰਮਿਕ ਜਨੇਊ ਹੈ।
“ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟ।”
ਇਸ ਤਰ੍ਹਾਂ ਗੁਰੂ ਜੀ ਨੇ ਸਿਖਾਇਆ ਕਿ ਧਰਮ ਬਾਹਰੀ ਰਸਮਾਂ ਨਾਲ ਨਹੀਂ, ਸੱਚੇ ਆਚਰਨ ਨਾਲ ਬਣਦਾ ਹੈ।
ਸੱਚਾ ਸੌਦਾ
ਇਕ ਵਾਰ ਗੁਰੂ ਜੀ ਦੇ ਪਿਤਾ ਨੇ ਉਨ੍ਹਾਂ ਨੂੰ ਵੀਹ ਰੁਪਏ ਦੇ ਕੇ ਲਾਭਦਾਇਕ ਸੌਦਾ ਕਰਨ ਭੇਜਿਆ। ਆਪ ਨੇ ਉਹ ਪੈਸੇ ਭੁੱਖੇ ਸਾਧੂਆਂ ਨੂੰ ਭੋਜਨ ਖਿਲਾ ਕੇ ਕਿਹਾ — “ਮੈਂ ਸੱਚਾ ਸੌਦਾ ਕਰ ਆਇਆ ਹਾਂ।” ਇਸ ਘਟਨਾ ਨੇ ਦਿਖਾਇਆ ਕਿ ਮਨੁੱਖਤਾ ਦੀ ਸੇਵਾ ਅਤੇ ਭੁੱਖੇ ਨੂੰ ਖਾਣਾ ਖਿਲਾਉਣਾ ਸਭ ਤੋਂ ਵੱਡਾ ਧਰਮ ਹੈ।
ਨੌਕਰੀ ਤੇ ਗਿਆਨ ਪ੍ਰਾਪਤੀ
ਸੁਲਤਾਨਪੁਰ ਲੋਧੀ ਵਿੱਚ ਗੁਰੂ ਜੀ ਨੇ ਨਵਾਬ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਇੱਥੇ ਹੀ ਇੱਕ ਦਿਨ ਆਪ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਤੱਕ ਅਲੋਪ ਰਹੇ। ਤਿੰਨ ਦਿਨ ਬਾਅਦ ਜਦੋਂ ਵਾਪਸ ਆਏ ਤਾਂ ਆਪ ਨੇ ਉੱਚੀ ਅਵਾਜ਼ ਵਿੱਚ ਫੁਰਮਾਇਆ —
“ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ।”
ਇਸ ਤਰ੍ਹਾਂ ਆਪ ਨੇ ਮਨੁੱਖਤਾ ਨੂੰ ਇਕਤਾ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ।
ਉਦਾਸੀਆਂ ਤੇ ਉਪਦੇਸ
ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਸੰਸਾਰ ਦੇ ਹਰ ਕੋਨੇ ਤੱਕ ਗਿਆਨ ਦਾ ਪ੍ਰਕਾਸ਼ ਫੈਲਾਇਆ। ਆਪ ਮੱਕੇ, ਮਦੀਨੇ, ਲੰਕਾ, ਅਸਾਮ ਤੇ ਹਿਮਾਲਿਆ ਤੱਕ ਗਏ ਅਤੇ ਝੂਠੇ ਪਖੰਡਾਂ ਦਾ ਖੰਡਨ ਕੀਤਾ। ਆਪ ਨੇ ਮਨੁੱਖਤਾ ਨੂੰ ਸੱਚ, ਦਇਆ ਤੇ ਇਨਸਾਫ ਦਾ ਰਾਹ ਦਿਖਾਇਆ। ਆਪ ਨੇ ਸਮਾਜ ਵਿੱਚੋਂ ਛੂਤ-ਛਾਤ, ਉਚ-ਨੀਚ ਤੇ ਅੰਧ-ਵਿਸ਼ਵਾਸਾਂ ਦਾ ਨਾਸ ਕੀਤਾ। ਗੁਰੂ ਜੀ ਦਾ ਉਪਦੇਸ ਸੀ —
“ਏਕ ਪਿਤਾ ਏਕਸ ਕੇ ਹਮ ਬਾਰਿਕ।”
“ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ।
ਨਾਨਕ ਤਿਨ ਕੇ ਸੰਗ ਸਾਥ ਵਡਿਆਂ ਸਿਉਂ ਕਿਆ ਰੀਸ।”
ਮਹਾਨ ਕਵੀ ਤੇ ਸੰਗੀਤਕਾਰ
ਗੁਰੂ ਜੀ ਇਕ ਮਹਾਨ ਕਵੀ ਅਤੇ ਗਾਇਕ ਸਨ, ਜਿਨ੍ਹਾਂ ਨੇ ਆਪਣੀ ਬਾਣੀ ਰਾਗਾਂ ਵਿੱਚ ਗਾਈ।ਜਪੁਜੀ ਸਾਹਿਬ ਤੇ ਆਸਾ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ, ਜਿਨ੍ਹਾਂ ਵਿੱਚ ਸੱਚੇ ਜੀਵਨ ਦਾ ਮਾਰਗ ਦਰਸਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੀਆਂ 974 ਬਾਣੀਆਂ ਦਰਜ ਹਨ ਜੋ ਅੱਜ ਵੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ।
ਅੰਤਮ ਸਮਾਂ
ਆਪ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ (ਪਾਕਿਸਤਾਨ) ਵਿੱਚ ਬਿਤਾਇਆ। ਇੱਥੇ ਆਪ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੱਦੀ ਸੌਂਪੀ। 1539 ਈਸਵੀ ਵਿੱਚ ਆਪ ਜੋਤੀ-ਜੋਤ ਸਮਾ ਗਏ ਪਰ ਉਨ੍ਹਾਂ ਦੀ ਬਾਣੀ ਤੇ ਉਪਦੇਸ਼ ਅੱਜ ਵੀ ਸੰਸਾਰ ਨੂੰ ਰੋਸ਼ਨ ਕਰ ਰਹੇ ਹਨ।
ਸਾਰਾਂਸ਼
ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ। ਆਪ ਨੇ ਸਿਖਾਇਆ ਕਿ ਸਭ ਧਰਮ ਇਕ ਪਰਮਾਤਮਾ ਤੱਕ ਹੀ ਲੈ ਜਾਂਦੇ ਹਨ। ਉਨ੍ਹਾਂ ਦਾ ਜੀਵਨ ਸੱਚਾਈ, ਪਿਆਰ ਅਤੇ ਸੇਵਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਮਨੁੱਖਤਾ, ਸਮਾਨਤਾ ਅਤੇ ਸੱਚਾਈ ਦਾ ਰਾਹ ਦੱਸਿਆ। ਗੁਰੂ ਅਰਜਨ ਦੇਵ ਜੀ ਨੇ ਕਿਹਾ —
“ਸਭ ਤੇ ਵੱਡਾ ਸਤਿਗੁਰੁ ਨਾਨਕ, ਜਿਨਿ ਕਲਿ ਰਾਖੀ ਮੇਰੀ।”
ਗੁਰੂ ਨਾਨਕ ਦੇਵ ਜੀ ਦਾ ਜੀਵਨ ਸਦਾ ਮਨੁੱਖਤਾ ਲਈ ਪ੍ਰੇਰਣਾ ਰਹੇਗਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਡੇ ਲਈ ਪ੍ਰੇਰਣਾ ਦਾ ਅਨਮੋਲ ਸਰੋਤ ਹੈ। ਉਹਨਾਂ ਨੇ ਸਾਨੂੰ ਸੱਚਾਈ, ਸੇਵਾ, ਦਇਆ ਅਤੇ ਇਕਤਾ ਦੇ ਰਾਹ ‘ਤੇ ਤੁਰਨਾ ਸਿਖਾਇਆ। ਗੁਰੂ ਨਾਨਕ ਗੁਰਪੁਰਬ 2025 ਦੇ ਮੌਕੇ ‘ਤੇ ਵਿਦਿਆਰਥੀਆਂ ਲਈ ਇਹ ਲੇਖ ਨਾ ਸਿਰਫ਼ ਉਹਨਾਂ ਦੀ ਜਾਣਕਾਰੀ ਵਧਾਉਣਗੇ, ਬਲਕਿ ਗੁਰੂ ਜੀ ਦੇ ਉਪਦੇਸ਼ਾਂ ਨੂੰ ਸਮਝਣ ਵਿੱਚ ਵੀ ਮਦਦਗਾਰ ਸਾਬਤ ਹੋਣਗੇ।
ਇਸ ਲੇਖ ਵਿੱਚ ਦਿੱਤੇ 10 ਪੰਕਤੀਆਂ, ਛੋਟੇ ਅਤੇ ਵੱਡੇ ਲੇਖ ਵਿਦਿਆਰਥੀਆਂ ਨੂੰ ਸਕੂਲ ਮੁਕਾਬਲਿਆਂ, ਭਾਸ਼ਣਾਂ ਅਤੇ ਲੇਖ ਲਿਖਣ ਦੀ ਤਿਆਰੀ ਲਈ ਉਚਿਤ ਮਾਡਲ ਪ੍ਰਦਾਨ ਕਰਦੇ ਹਨ। ਬੱਚੇ ਇਨ੍ਹਾਂ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਸ਼ਬਦਾਂ ਵਿੱਚ ਵੀ ਸੁੰਦਰ ਤੇ ਅਰਥਪੂਰਨ ਲੇਖ ਲਿਖ ਸਕਦੇ ਹਨ।
ਇਸ ਤਰ੍ਹਾਂ, ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਪਦੇਸ਼ਾਂ ਨੂੰ ਯਾਦ ਕਰਨਾ ਸਿਰਫ਼ ਸਿੱਖਿਆਕ ਨਹੀਂ, ਸਗੋਂ ਆਤਮਿਕ ਤੌਰ ‘ਤੇ ਵੀ ਸਾਨੂੰ ਇੱਕ ਚੰਗਾ ਮਨੁੱਖ ਬਣਨ ਦੀ ਪ੍ਰੇਰਣਾ ਦਿੰਦਾ ਹੈ।
Also Read: Speech on Guru Nanak Dev Ji in English
Comments
All Comments (0)
Join the conversation